ਸਰਕਾਰੀ ਕਾਲਜ ਲੜਕੀਆਂ, ਜਲਾਲਾਬਾਦ (ਪੱਛਮੀ), ਫਾਜ਼ਿਲਕਾ, ਪੰਜਾਬ ਵਿਚ ਚਿੱਤਰਕਲਾ ਅਤੇ ਰੇਖਾ ਚਿੱਤਰਕਲਾ ਵਰਕਸ਼ਾਪ।

ਲਗਭਗ ਦੋ ਸੌ ਵਿਦਿਆਰਥਿਆਂ ਨੇ ਲਿਆ ਹੁੱਮ ਹੁਮਾ ਕੇ ਹਿੱਸਾ।
ਅਧਿਆਪਕਾਂ ਨੇ ਵੀ ਕਲਾ ਕ੍ਰਿਤੀਆਂ ਬਣਾਉਣ ਵਿਚ ਅਜ਼ਮਾਏ ਹੱਥ।
ਜਸਪ੍ਰੀਤ ਸਿੰਘ ਨੇ ਪ੍ਰਿੰਸੀਪਲ ਡਾਕਟਰ ਅਕਬੀਰ ਕੌਰ ਦਾ ਮੌਕੇ ਤੇ ਸਭ ਦੇ ਸਾਹਮਣੇ ਬਣਾਇਆ ਪੋਰਟਰੇਟ।
ਬਲਦੇਵ ਗੰਭੀਰ ਨੇ ਤੇਲ ਰੰਗਾਂ ਅਤੇ ਬਲੇਡ ਦੀ ਤਕਨੀਕ ਨਾਲ ਬਣਾਇਆ ਅਮੂਰਤ ਚਿੱਤਰ।

ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿਚ ਕਲਾ ਦੀ ਚਿਣਗ ਬਾਲ ਰਹੀ ਹੈ ਪੰਜਾਬ ਲਲਿਤ ਕਲਾ ਅਕਾਦਮੀ

ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
ਸਰਕਾਰੀ ਕਾਲਜ ਲੜਕੀਆਂ, ਜਲਾਲਾਬਾਦ (ਪੱਛਮੀ), ਫਾਜ਼ਿਲਕਾ

ਵਿਖੇ
ਕਾਲਜ ਦੇ ਵਿਦਿਆਰਥੀਆਂ ਲਈ
ਬਲਦੇਵ ਗੰਭੀਰ ਅਤੇ ਜਸਪ੍ਰੀਤ ਸਿੰਘ ਦੁਆਰਾ
ਚਿੱਤਰਕਾਰੀ ਅਤੇ ਰੇਖਾ ਚਿੱਤਰਕਾਰੀ ਵਰਕਸ਼ਾਪ

Painting and Drawing Workshop by
Punjab Lalit Kala Akademi

at Government Girls College, Jalalabad (West) Fazilka, Punjab
by Baldev Gambhir and Jaspreet Singh – 3rd November 2018

ਪੰਜਾਬ ਵਿਚ ਕਲਾ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਕਲਾ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਪੰਜਾਬ ਲਲਿਤ ਕਲਾ ਅਕਾਦਮੀ ਵਿੱਦਿਅਕ ਅਦਾਰਿਆਂ ਵਿਚ ਕਲਾ ਦੀ ਚਿਣਗ ਬਾਲਣ ਲਈ ਉਪਰਾਲੇ ਕਰ ਰਹੀ ਹੈ।

ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿਚ ਕਲਾ ਵਿਸ਼ੇ ਵੱਜੋਂ ਨਹੀਂ ਵੀ ਪੜ੍ਹਾਈ ਜਾਂਦੀ ਉੱਥੇ ਵਿਸ਼ੇਸ਼ ਸਮਾਗਮ ਕਰਵਾ ਕੇ ਨੌਜਵਾਨਾਂ ਨੂੰ ਕਲਾ ਨਾਲ ਜੋੜਿਆ ਜਾ ਰਿਹਾ ਹੈ। ਇਸ ਲੜੀ ਤਹਿਤ ਪੰਜਾਬ ਲਲਿਤ ਕਲਾ ਅਕਾਦਮੀ ਨੇ 3 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜਲਾਲਾਬਾਦ ਵਿਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਚਿੱਤਰਕਾਰੀ ਅਤੇ ਰੇਖਾ ਚਿੱਤਰਕਾਰੀ ਵਰਕਸ਼ਾਪ ਦਾ ਆਯੋਜਨ ਕੀਤਾ।

ਵਰਕਸ਼ਾਪ ਦੌਰਾਨ ਪੰਜਾਬ ਦੇ ਦੋ ਨਾਮਵਰ ਕਲਕਾਰ ਡਾ. ਬਲਦੇਵ ਗੰਭੀਰ ਅਤੇ ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਰੰਗਾਂ ਅਤੇ ਕਲਾ ਦੇ ਵਿਲੱਖਣ ਸੰਸਾਰ ਨਾਲ ਰੂਬਰੂ ਕਰਵਾਇਆ। ਕਲਾ ਦੀਆਂ ਵੇਖੋ ਵੱਖ ਤਕਨੀਕਾਂ, ਭਾਂਤ ਭਤੀਲੇ ਬੁਰਸ਼, ਰੰਗ, ਪੈਨਸਿਲਾਂ, ਚਾਰਕੋਲ, ਪਾਣੀ ਦੇ ਰੰਗ, ਅਕਰੀਲਿਕ ਰੰਗ, ਕੈਨਵਸ, ਬੁੱਤ ਤਰਾਸ਼ੀ ਦੇ ਮਾਧਿਅਮ, ਵੀਡੀਓ ਪਰਫੌਰਮੰਸ ਇਤਿਆਦਿ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਅਤੇ ਉੱਘੇ ਕਲਾਕਾਰ ਦੀਵਾਨ ਮਾਨਾ ਨੇ ਵਿਦਿਆਰਥੀਆਂ ਨੂੰ ਅਕਾਦਮੀ ਵੱਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਦੀ ਮਹੱਤਤਾ ਬਾਰੇ ਦੱਸਿਆ । ਵਰਕਸ਼ਾਪ ਦੌਰਾਨ ਪਹਿਲਾਂ ਜਸਪ੍ਰੀਤ ਸਿੰਘ ਵੱਲੋਂ ਕਲਾ ਦੀ ਬੁਨਿਆਦੀ ਜਾਣਕਾਰੀ ਦੇਣ ਲਈ ਇਕ ਦਿਲਚਸਪ ਲੈਕਚਰ ਦਿੱਤਾ ਗਿਆ । ਉਸ ਤੋਂ ਬਾਅਦ ਡਾ. ਗੰਭੀਰ ਆਪਣੇ ਕਲਾ ਦੇ ਹੁਣ ਤੱਕ ਦੇ ਸਫ਼ਰ ਬਾਰੇ ਇਕ ਆਈਡਿਉ ਵੀਜ਼ਿਉਲ ਪੇਸ਼ਕਾਰੀ ਦਿੱਤੀ । ਇਸ ਤਰ੍ਹਾਂ ਵਿਦਿਆਰਥੀਆਂ ਨੂੰ ਕਲਾ ਅਤੇ ਕਲਾਕਾਰ ਬਾਰੇ ਬਹੁਤ ਕੁਝ ਜਾਣਨ ਅਤੇ ਸਿੱਖਣ ਦਾ ਮੌਕਾ ਮਿਲਿਆ ਅਤੇ ਉਹ ਕਲਾ ਨੂੰ ਸਮਝਣ, ਮਾਨਣ ਅਤੇ ਉਸ ਨਾਲ ਜੁੜਨ ਲਈ ਉਤਸ਼ਾਹਤ ਹੋਏ ।

ਇਸ ਤੋਂ ਬਾਅਦ ਡਾ. ਗੰਭੀਰ ਅਤੇ ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੇ ਸਾਹਮਣੇ ਮੌਕੇ ’ਤੇ ਤੇਲ, ਚਾਰਕੋਲ ਅਤੇ ਵਾਟਰ ਕਲਰ ਚਿੱਤਰਕਾਰੀ ਦੇ ਨਮੂਨੇ ਬਣਾ ਕੇ ਦਿਖਾਏ। ਫਿਰ ਵਿਦਿਆਰਥੀਆਂ ਦੀ ਕਲਾ ਵਰਕਸ਼ਾਪ ਕਾਰਵਾਈ ਗਈ ਜਿਸ ਵਿਚ ਦੋਵੇਂ ਕਲਾਕਾਰਾਂ ਨੇ ਵਿਦਿਆਰਥੀਆਂ ਨੂੰ ਕਲਾ ਦੀਆਂ ਬਾਰੀਕੀਆਂ ਸਿਖਾਈਆਂ । ਇਸ ਤਰ੍ਹਾਂ ਵਿੱਦਿਆਰਥੀਆਂ ਨੂੰ ਅਮਲੀ ਰੂਪ ਵਿਚ ਕਲਾ ਵਿਚ ਹੱਥ ਅਜ਼ਮਾਉਣ ਦਾ ਮੌਕਾ ਮਿਲਿਆ ।

ਇਸ ਵਰਕਸ਼ਾਪ ਦੌਰਾਨ ਕਾਲਜ ਵਿਚ ਇਤਿਹਾਸ ਦੇ ਅਧਿਆਪਕ ਡਾਕਟਰ ਸਾਗਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਦੀਵਾਨ ਮਾਨਾ, ਡਾਕਟਰ ਗੰਭੀਰ ਅਤੇ ਜਸਪ੍ਰੀਤ ਦੀ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਜਾਂ ਪਛਾਣ ਕਾਰਵਾਈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਜ਼ਿੰਦਗੀ ਵਿਚ ਕਲਾ ਦੇ ਅਤਿਅੰਤ ਜ਼ਰੂਰੀ ਯੋਗਦਾਨ ਬਾਰੇ ਚਾਨਣਾ ਪਾਇਆ।

ਦੀਵਾਨ ਮਾਨਾ ਨੇ ਉਚੇਚੇ ਤੌਰ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਕਬਰ ਕੌਰ, ਡਾਕਟਰ ਸਾਗਰ, ਦੂਸਰੇ ਅਧਿਆਪਕਾਂ ਸਮੇਤ ਵਰਕਸ਼ਾਪ ਵਿਚ ਸ਼ਾਮਿਲ ਵਿਦਿਆਰਥੀਆਂ ਦਾ ਸ਼ੁਕਰੀਆ ਕੀਤਾ। ਉਨ੍ਹਾਂ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਡਾਕਟਰ ਕਪਿਲ ਦੇਵ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਵਰਕਸ਼ਾਪ ਸਿਰਫ ਸ਼੍ਰੀ ਕਪਿਲ ਦੇਵ ਦੇ ਊਧਮ ਕਰਕੇ ਹੀ ਸੰਭਵ ਹੋਈ ਹੈ। ਉਨ੍ਹਾਂ ਡਾਕਟਰ ਕਪਿਲ ਦੇਵ ਦਾ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਆਏ ਕਲਾਕਾਰਾਂ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਕਰਮਚਾਰੀਆਂ ਨੂੰ ਆਪਣੇ ਘਰ ਠਹਿਰਾਉਣ ਅਤੇ ਉਨ੍ਹਾਂ ਦੀ ਆਲੀਸ਼ਾਨ ਮਹਿਮਾਨ ਨਵਾਜ਼ੀ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ।

ਦੀਵਾਨ ਮਾਨਾ ਨੇ ਪ੍ਰਿੰਸੀਪਲ ਸਾਹਿਬਾ ਦੇ ਪਤੀ ਅਤੇ ਕਲਾਕਾਰ ਪ੍ਰੀਤਇੰਦਰ ਸਿੰਘ ਬਾਜਵਾ, ਜੋ ਇਸ ਇਲਾਕੇ ਵਿਚ ਕਲਾ ਦੀਆਂ ਵਰਕਸ਼ਾਪਾਂ ਕਰਵਾਉਂਦੇ ਰਹਿੰਦੇ ਹਨ ਅਤੇ ਸਥਾਨਕ ਕਲਾਕਾਰਾਂ ਨੂੰ ਹੱਲਾ ਸ਼ੇਰੀ ਦਿੰਦੇ ਰਹਿੰਦੇ ਹਨ, ਨੂੰ ਵੀ ਅਕਾਦਮੀ ਦਾ ਕੈਟਾਲਾਗ ਅਤੇ ਪਰਮਜੀਤ ਦੀ ਕਿਤਾਬ ਦੇਕੇ ਉਨ੍ਹਾਂ ਦੇ ਇਸ ਊਧਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਅੰਤ ਵਿਚ ਕਾਲਜ ਦੀ ਲਾਇਬ੍ਰੇਰੀ ਲਈ ਅਕਾਦਮੀ ਦੇ ਕੈਟਾਲਾਗ ਅਤੇ ਪ੍ਰਸਿੱਧ ਕਲਾਕਾਰ ਪਰਮਜੀਤ ਸਿੰਘ ਦੀ ਪੰਜਾਬੀ ਵਿਚ ਛਾਪੀ ਪੁਸਤਕ ਭੇਟ ਕੀਤੀ। ਤਿੰਨ ਵਿਦਿਆਰਥਣਾਂ ਨੂੰ ਵਧੀਆ ਰੇਖਾ ਚਿੱਤਰ ਬਣਾਉਣ ਲਈ ਪਰਮਜੀਤ ਸਿੰਘ ਦੀਆਂ ਕਿਤਾਂਬਾਂ ਦੇ ਹੌਸਲਾ ਅਫ਼ਜ਼ਾਈ ਕੀਤੀ ਗਈ।

Painting and Drawing Workshop

by
Punjab Lalit Kala Akademi

conducted by
Dr. Baldev Gambhir and
Jaspreet Singh

at
at Government Girls College, Jalalabad (West) Fazilka, Punjab
on 3rd November 2018