ਕਲਾ ਵਿਚ ਹੈ ਸਨੇਹ ਅਤੇ ਸਹਿਚਾਰ ਨੂੰ ਪੁਨਰ-ਸੁਰਜੀਤ ਕਰਨ ਅਤੇ ਵਾਪਸ ਲਿਆਉਣ ਦੀ ਸ਼ਕਤੀ
ਇੰਟਰਨੈਟ ਦੀ ਵਿਸ਼ਵਵਿਆਪੀ ਪਹੁੰਚ ਨੇ ਕਲਾ ਤੱਕ ਪਹੁੰਚ ਨੂੰ ਵਧਾ ਦਿੱਤਾ ਹੈ, ਅਤੇ ਸੰਚਾਰ ਦੇ ਨਵੇਂ ਡਿਜੀਟਲ ਸਾਧਨਾਂ ਨੇ ਸਾਡੇ ਦੁਆਰਾ ਕਲਾ ਨੂੰ ਸਮਝਣ, ਮਾਣਨ ਅਤੇ ਸਿਰਜਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਗਲੋਬਲ ਸਥਾਨਕਤਾ ਤੋਂ ਤੱਤ ਗ੍ਰਹਿਣ ਕਰਦਾ ਹੈ ਅਤੇ ਸਥਾਨਕਤਾ ਵੀ ਗਲੋਬਲੀ ਤੱਤ ਹਾਸਲ ਕਰਦੀ ਹੈ। ਇਸ ਤਰਾਂ ਦੇ ਆਦਾਨ ਪ੍ਰਦਾਨ ਨਾਲ ਇੱਕ ਦੂਸਰੇ ਤੋਂ ਪ੍ਰਭਾਵਿਤ ਤੇ ਪ੍ਰੇਰਤ ਹੋਣਾ ਸੁਭਾਵਕ ਹੈ। ਹਾਲਾਂਕਿ ਕਲਾ ਦੇ ਕਾਰਜਾਂ ਨੂੰ ਦੇਖਣ ਜਾਂ ਅਧਿਐਨ ਕਰਨ ਦੇ ਕੋਈ ਨਿਰਧਾਰਤ ਨਿਯਮ ਨਹੀਂ ਹਨ, ਕੁਝ ਆਮ ਤਰੀਕੇ ਅਤੇ ਸਾਂਝੇ ਚਿੰਨ੍ਹ ਹਨ ਜਿਨ੍ਹਾਂ ਰਾਹੀਂ ਮਨੁੱਖ ਵੱਖ-ਵੱਖ ਸਭਿਅਤਾਵਾਂ, ਭੂਗੋਲਿਕ ਖੇਤਰਾਂ ਅਤੇ ਸਭਿਆਚਾਰਾਂ ਅੰਦਰ ਕਲਾਕਾਰਾਂ ਦੁਆਰਾ ਪ੍ਰਗਟ ਕੀਤੇ ਜਾ ਰਹੇ ਵਿਚਾਰਾਂ ਨੂੰ ਵੇਖਦਾ, ਸਮਝਦਾ ਅਤੇ ਘੋਖਦਾ ਪਰਖਦਾ ਹੈ। ਸਾਰੇ ਰਚਨਾਤਮਕ ਕਾਰਜਾਂ ਵਿੱਚੋਂ, ਦਰਸ਼ਨੀ ਤੇ ਘਾੜਤ ਵਾਲੀਆਂ ਕਲਾਵਾਂ ਅਤੇ ਸੰਗੀਤ, ਕਲਾ ਦੇ ਅਜਿਹੇ ਰੂਪ ਹਨ, ਜਿਨ੍ਹਾਂ ਦੀ ਵਿਆਕਰਣ ਰਸਮੀ ਤੌਰ ‘ਤੇ ਸਿੱਖੇ ਬਿਨਾਂ, ਇਹ ਕਾਫ਼ੀ ਹੱਦ ਤੱਕ ਸੰਤੁਸ਼ਟੀ ਨਾਲ ਮਾਣੇ ਜਾ ਸਕਦੇ ਹਨ। ਇਹ ਸਿਰਫ਼ ਇਸ ਲਈ ਹੋ ਸਕਦਾ ਹੈ ਕਿਉਂਕਿ ਇਹ ਕਲਾ ਰੂਪ ਸਾਨੂੰ ਅਣਕਹੇ ਅਤੇ ਅਵਚੇਤਨ ਸੰਸਾਰ ਨਾਲ ਜੋੜਦੇ ਹਨ ਤੇ ਇਨ੍ਹਾਂ ਵਿਚ ਭੌਤਿਕ ਹੱਦਾਂ ਨੂੰ ਪਾਰ ਕਰਨ ਦੀ ਵਧੇਰੀ ਸੰਭਾਵਨਾ ਹੁੰਦੀ ਹੈ। ਦਰਅਸਲ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਭਾਵੇਂ ਪਛਾਣ, ਭਾਸ਼ਾ, ਧਰਮ, ਸੱਭਿਆਚਾਰ, ਦੇਸ਼, ਨਸਲ ਆਦਿ ਇੱਕ ਦੂਜੇ ਨੂੰ ਜਾਣਨ ਅਤੇ ਸਮਝਣ ਲਈ ਮਹੱਤਵਪੂਰਨ ਹਨ, ਪਰ ਇਹ ਮਨੁੱਖਾਂ ਨੂੰ ਤੰਗ ਨਜ਼ਰੀਏ ਵਾਲੀਆਂ ਹੱਦ-ਬੰਦੀਆਂ ਵਿੱਚ ਵੰਡਣ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ। ਜਿਵੇਂ, ਨਾ ਤਾਂ ਅਖੌਤੀ ਉਦਾਰਵਾਦੀ ਸੰਸਾਰ ਅਤੇ ਬਹੁਤ ਜ਼ਿਆਦਾ ਬਦਨਾਮ ਤਾਨਾਸ਼ਾਹੀ ਅਤੇ ਨਿਰੰਕੁਸ਼ ਸ਼ਾਸਨ ਵਾਲਾ ‘ਦੂਜਾ ਪਾਸਾ’ ਦੋਵੇਂ ਧਿਰਾਂ ਇਸ ਦੁਨੀਆਂ ਨੂੰ ਸੁਖਿਆਈ ਨਾਲ ਰਹਿਣਯੋਗ ਜਗ੍ਹਾ ਬਣਨ ਵਿੱਚ ਕੋਈ ਮਦਦ ਨਹੀਂ ਕਰ ਰਹੇ। ਮਨੁੱਖਤਾ ਨੂੰ ਦਿਨ-ਰਾਤ ਸਾਡੇ ਵੱਲ ਘੂਰ ਰਹੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਪਿਆਰ, ਸਨੇਹ, ਸਹਿਚਾਰ ਅਤੇ ਸਤਿਕਾਰ ਅਸੀਂ ਇੱਕ ਦੂਜੇ ਪ੍ਰਤੀ ਗੁਆ ਚੁੱਕੇ ਹਾਂ, ਕਲਾ ਵਿੱਚ ਉਸ ਨੂੰ ਪੁਨਰ-ਸੁਰਜੀਤ ਕਰਨ ਅਤੇ ਵਾਪਸ ਲਿਆਉਣ ਦੀ ਸ਼ਕਤੀ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਲਾਕਾਰ ਹਰ ਸਮੇਂ ਚੇਤੰਨ, ਸੁਚੇਤ, ਲਚਕੀਲੇ ਅਤੇ ਕਿਰਿਆਸ਼ੀਲ ਰਹਿਣ। ਕਲਾਵਾਂ ਅੰਦਰ, ਹੋਰਾਂ ਵੱਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੂੰ ਸਿੱਖੇ ਬਗੈਰ ਜਾਂ ਉਨ੍ਹਾਂ ਦੇ ਕਿਸੇ ਹੋਰ ਧਰਮ ਜਾਂ ਦੇਸ਼ ਨਾਲ ਸਬੰਧਤ ਹੋਣ ਦੇ ਬਾਵਜੂਦ, ਸੰਵਾਦ ਰਚਾਉਣ, ਸਮਝਣ, ਸੋਚਣ, ਭਾਵਨਾ ਵਿਚ ਭਿੱਜਣ, ਪ੍ਰਗਟਾ ਕਰਨ, ਆਦਾਨ-ਪ੍ਰਦਾਨ ਕਰਨ ਅਤੇ ਇੱਕ ਦੂਜੇ ਨੂੰ ਜੋੜਣ ਦੀ ਸਮਰੱਥਾ ਹੁੰਦੀ ਹੈ। ਦਰਸ਼ਨੀ ਕਲਾਵਾਂ ਅਤੇ ਸੰਗੀਤ ਦੇ ਅਨੁਭਵ ਦਾ ਅਹਿਸਾਸ ਮੌਖਿਕ ਪ੍ਰਗਟਾਵੇ ਤੋਂ ਅਗਾਂਹ ਦੀ ਗੱਲ ਹੈ। ਹੁਣ, ਮੈਂ ਤੁਹਾਡਾ ਧਿਆਨ ਇੱਕ ਹੋਰ ਨਾ-ਟਾਲਣਯੋਗ ਵਿਸ਼ੇ ਵੱਲ ਦਿਵਾਉਣਾ ਚਾਹਾਂਗਾ- ਇਹ ਵਿਸ਼ਾ ਹੈ ਕਲਾ ਦੇ ਮੌਜੂਦਾ ਪ੍ਰਬੰਧਕੀ ਢੰਗ-ਤਰੀਕਿਆਂ (ਕਿਉਰੇਟੋਰੀਅਲ ਪੈਕਟਿਸ) ਦਾ। ਲਗਭਗ ਹਰ ਕਲਾ-ਪ੍ਰਬੰਧਕ (ਕਿਉਰੇਟਰ) ਇੱਕ ਕਲਾਕਾਰ ਨੂੰ ਉਸ ਦੇ ਕਲਾਤਮਕ ਕਾਰਜਾਂ ਬਾਰੇ ਇੱਕ ਲੇਖ ਜਾਂ ਨੋਟ ਲਿਖਣ ਲਈ ਕਹਿੰਦਾ ਹੈ, ਜੋ ਕਿ ਬਹੁਤਿਆਂ ਲਈ ਇੱਕ ਸਹਿਜ ਕਾਰਜ ਨਹੀਂ ਹੁੰਦਾ। ਅਜਿਹੇ ਕਲਾਕਾਰ ਵੀ ਹਨ ਜੋ ਬੋਲਣ ਅਤੇ ਲਿਖਣ ਦੇ ਮਾਹਿਰ ਹਨ, ਪਰ ਬਹੁਤ ਸਾਰੇ ਕਲਾਕਾਰ ਉਹ ਹਨ ਜੋ ਕਿਸੇ ਅਕਾਦਮਿਕ ਮਾਹਿਰ ਵਾਂਗ ਆਪਣੀ ਸਿਰਜਣਾ ਤੱਕ ਰਸਾਈ ਕਰਨ ਦੀ ਬਜਾਇ ਆਪਣੇ ਅੰਤਰੀਵ-ਅਨੁਭਵ ਰਾਹੀਂ ਸਿਰਜਣਾ ਤੱਕ ਪਹੁੰਚਦੇ ਹਨ। ਬੇਸ਼ੱਕ, ਇਹ ਬਹਿਸ ਦਾ ਵਿਸ਼ਾ ਹੈ ਕਿ ਕੀ ਕਲਾਕਾਰ ਦੁਆਰਾ ਲਿਖਤੀ ਨੋਟ ਦਰਸ਼ਕ ਨੂੰ ਕਲਾਤਮਕ ਸਿਰਜਨਾਵਾਂ ਨਾਲ ਜੋੜਨ ਵਿੱਚ ਸਹਾਈ ਹੁੰਦਾ ਹੈ ਜਾਂ ਇਹ ਭਾਵਨਾਵਾਂ ਦਾ ਕੁਦਰਤੀ ਪ੍ਰਵਾਹ ਪੈਦਾ ਕਰਨ ਦੀ ਸਮਰੱਥਾ ਵਾਲੇ ਵਿਲੱਖਣ ਅਤੇ ਮਨੁੱਖੀ ਰਚਨਾਤਮਕ ਯਤਨਾਂ ਦੇ ਸ਼ਾਇਦ ਸਭ ਤੋਂ ਪੁਰਾਣੇ ਢੰਗ ਦੇ ਰਾਹ ਵਿੱਚ ਰੁਕਾਵਟ ਬਣ ਜਾਂਦਾ ਹੈ। […]