ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿਚ ਕਲਾ ਦੀ ਚਿਣਗ ਬਾਲੇਗੀ ਪੰਜਾਬ ਲਲਿਤ ਕਲਾ ਅਕਾਦਮੀ
ਪੰਜਾਬ ਵਿਚ ਕਲਾ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਕਲਾ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਪੰਜਾਬ ਲਲਿਤ ਕਲਾ ਅਕਾਦਮੀ ਵਿੱਦਿਅਕ ਅਦਾਰਿਆਂ ਵਿਚ ਕਲਾ ਦੀ ਚਿਣਗ ਬਾਲਣ ਲਈ ਉਪਰਾਲੇ ਕਰ ਰਹੀ ਹੈ।
ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿਚ ਕਲਾ ਵਿਸ਼ੇ ਵੱਜੋਂ ਨਹੀਂ ਵੀ ਪੜ੍ਹਾਈ ਜਾਂਦੀ ਉੱਥੇ ਵਿਸ਼ੇਸ਼ ਸਮਾਗਮ ਕਰਵਾ ਕੇ ਨੌਜਵਾਨਾਂ ਨੂੰ ਕਲਾ ਨਾਲ ਜੋੜਿਆ ਜਾ ਰਿਹਾ ਹੈ। ਇਸ ਲੜੀ ਤਹਿਤ ਪੰਜਾਬ ਲਲਿਤ ਕਲਾ ਅਕਾਦਮੀ ਨੇ 2 ਨਵੰਬਰ ਨੂੰ ਸਵੇਰੇ 10 ਵਜੇ ਫ਼ਿਰੋਜ਼ਪੁਰ ਦੇ ਆਰ. ਐਸ. ਡੀ. ਕਾਲਜ ਵਿੱਚ ਚਿੱਤਰਕਾਰੀ ਅਤੇ ਰੇਖਾ ਚਿੱਤਰਕਾਰੀ ਵਰਕਸ਼ਾਪ ਦਾ ਆਯੋਜਨ ਕੀਤਾ।
ਵਰਕਸ਼ਾਪ ਦੌਰਾਨ ਪੰਜਾਬ ਦੇ ਦੋ ਨਾਮਵਰ ਕਲਕਾਰ ਡਾ. ਬਲਦੇਵ ਸਿੰਘ ਗੰਭੀਰ ਅਤੇ ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਰੰਗਾਂ ਅਤੇ ਕਲਾ ਦੇ ਵਿਲੱਖਣ ਸੰਸਾਰ ਨਾਲ ਰੂਬਰੂ ਕਰਵਾਉਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਅਤੇ ਉੱਘੇ ਕਲਾਕਾਰ ਦੀਵਾਨ ਮਾਨਾ ਨੇ ਵਿਦਿਆਰਥੀਆਂ ਨੂੰ ਅਕਾਦਮੀ ਵੱਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਦੀ ਮਹੱਤਤਾ ਬਾਰੇ ਦੱਸਿਆ । ਵਰਕਸ਼ਾਪ ਦੌਰਾਨ ਪਹਿਲਾਂ ਜਸਪ੍ਰੀਤ ਸਿੰਘ ਵੱਲੋਂ ਕਲਾ ਦੀ ਬੁਨਿਆਦੀ ਜਾਣਕਾਰੀ ਦੇਣ ਲਈ ਇਕ ਦਿਲਚਸਪ ਲੈਕਚਰ ਦਿੱਤਾ ਗਿਆ । ਉਸ ਤੋਂ ਬਾਅਦ ਡਾ. ਗੰਭੀਰ ਆਪਣੇ ਕਲਾ ਦੇ ਹੁਣ ਤੱਕ ਦੇ ਸਫ਼ਰ ਬਾਰੇ ਇਕ ਆਈਡਿਉ ਵੀਜ਼ਿਉਲ ਪੇਸ਼ਕਾਰੀ ਦਿੱਤੀ । ਇਸ ਤਰ੍ਹਾਂ ਵਿਦਿਆਰਥੀਆਂ ਨੂੰ ਕਲਾ ਅਤੇ ਕਲਾਕਾਰ ਬਾਰੇ ਬਹੁਤ ਕੁਝ ਜਾਣਨ ਅਤੇ ਸਿੱਖਣ ਦਾ ਮੌਕਾ ਮਿਲਿਆ ਅਤੇ ਉਹ ਕਲਾ ਨੂੰ ਸਮਝਣ, ਮਾਨਣ ਅਤੇ ਉਸ ਨਾਲ ਜੁੜਨ ਲਈ ਉਤਸ਼ਾਹਤ ਹੋਏ ।
ਇਸ ਤੋਂ ਬਾਅਦ ਡਾ. ਗੰਭੀਰ ਅਤੇ ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੇ ਸਾਹਮਣੇ ਮੌਕੇ ’ਤੇ ਤੇਲ, ਚਾਰਕੋਲ ਅਤੇ ਵਾਟਰ ਕਲਰ ਚਿੱਤਰਕਾਰੀ ਦੇ ਨਮੂਨੇ ਬਣਾ ਕੇ ਦਿਖਾਏ। ਉਸ ਤੋਂ ਬਾਅਦ ਵਿਦਿਆਰਥੀਆਂ ਦੀ ਕਲਾ ਵਰਕਸ਼ਾਪ ਕਾਰਵਾਈ ਗਈ ਜਿਸ ਵਿਚ ਦੋਵੇਂ ਕਲਾਕਾਰ ਨੇ ਵਿਦਿਆਰਥੀਆਂ ਨੂੰ ਕਲਾ ਦੀਆਂ ਬਾਰੀਕੀਆਂ ਸਿਖਾਈਆਂ । ਇਸ ਤਰ੍ਹਾਂ ਵਿੱਦਿਆਰਥੀਆਂ ਨੂੰ ਅਮਲੀ ਰੂਪ ਵਿਚ ਕਲਾ ਵਿਚ ਹੱਥ ਅਜ਼ਮਾਉਣ ਦਾ ਮੌਕਾ ਮਿਲਿਆ ।
ਇਸ ਵਰਕਸ਼ਾਪ ਦੌਰਾਨ ਉਘੇ ਕਵੀ ਗੁਰਤੇਜ ਕੋਹਾਰਵਾਲਾ, ਜੋ ਇਸੇ ਕਾਲਜ ਵਿਚ ਅਧਿਆਪਕ ਵੀ ਹਨ, ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਜ਼ਿੰਦਗੀ ਵਿਚ ਕਲਾ ਦੇ ਅਤਿਅੰਤ ਜ਼ਰੂਰੀ ਯੋਗਦਾਨ ਬਾਰੇ ਚਾਨਣਾ ਪਾਇਆ। ਡਾਕਟਰ ਕਪਿਲ ਦੇਵ ਗਿਰਧਰ, ਜੋ ਇਸ ਕਾਲਜ ਵਿਚ ਅੰਗਰੇਜ਼ੀ ਦੇ ਅਧਿਆਪਕ ਹਨ ਅਤੇ ਫ਼ਿਲਮਾਂ ਬਾਰੇ ਗਹਿਰੀ ਜਾਣਕਾਰੀ ਰੱਖਦੇ ਹਨ, ਨੇ ਵੀ ਕਲਾ ਦੇ ਵੱਖੋ ਵੱਖਰੇ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਪੰਜਾਬੀ ਦੇ ਅਧਿਆਪਕ ਕੁਲਦੀਪ ਸਿੰਘ ਮੰਚ ਸੰਭਾਲਿਆ। ਦੀਵਾਨ ਮਾਨਾ ਨੇ ਉਚੇਚੇ ਤੌਰ ਤੇ ਕਾਲਜ ਦੇ ਪ੍ਰਬੰਧਕਾਂ, ਪ੍ਰਿੰਸੀਪਲ ਦਿਨੇਸ਼ ਸ਼ਰਮਾ, ਕੋਹਾਰਵਾਲਾ, ਅਜ਼ਾਦਵਿੰਦਰ ਸਿੰਘ ਅਤੇ ਹੋਰ ਅਧਿਆਪਕਾਂ ਸਮੇਤ ਵਰਕਸ਼ਾਪ ਵਿਚ ਸ਼ਾਮਿਲ ਵਿਦਿਆਰਥੀਆਂ ਦਾ ਸ਼ੁਕਰੀਆ ਕੀਤਾ। ਉਨ੍ਹਾਂ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਡਾਕਟਰ ਕਪਿਲ ਦੇਵ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਵਰਕਸ਼ਾਪ ਸਿਰਫ ਸ਼੍ਰੀ ਕਪਿਲ ਦੇਵ ਦੇ ਊਧਮ ਕਰਕੇ ਹੀ ਸੰਭਵ ਹੋਈ ਹੈ।