ਲੇਖਕ: ਦੇਸ ਰਾਜ ਕਾਲੀ
ਇਹ ਲੇਖ ਮੋਹਿੰਦਰ ਠੁਕਰਾਲ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਦੀ ਜਾਣ ਪਛਾਣ ਕਰਵਾਉਣ ਲਈ ਲਿਖਿਆ ਗਿਆ ਹੈ . ਇਹ ਪ੍ਰਦਰਸ਼ਨੀ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ੧੨ ਤੋਂ ੧੯ ਨਵੰਬਰ ੨੦੨੧ ਤੱਕ ਲਗਾਈ ਗਈ .
ਉਹਦੇ ਮੱਥੇ ’ਚ ਪੱਛ ਟਸਕਦੇ ਨੇ। ਅੱਖ ’ਚ ਖੂਨ ਉਤਰਦਾ ਹੈ। ਪਿੱਠ ’ਚੋਂ ਲਹੂ ਸਿੰਮਦਾ ਹੈ। ਸਮੇਂ ਨੇ ਸੂਰਜ ਦੀ ਅੱਖ ਵਿੰਨ੍ਹ ਦਿੱਤੀ ਹੋਵੇ ਜਿਵੇਂ। ਚਾਨਣ ਗਹਿਰੇ ਲਹੂ ਰੰਗਾ ਹੈ। ਉਹ ਸਿਰ ਝਟਕਦਾ ਹੈ। ਕੋਈ ਸੱਪ ਹੈ ਜੋ ਉਸ ਦੀ ਲੱਤ ਤੇ ਡੰਗ ਮਾਰਦਾ ਹੈ। ਕੋਈ ਕਿਰਪਾਨ ਹੈ ਜੋ ਉਸ ਡੰਗ ਵਾਲੀ ਥਾਂ ’ਤੇ ਟੱਕ ਮਾਰਦੀ ਹੈ। ਇਹ ਜ਼ਖਮ ਅਵੱਲੇ ਨੇ, ਮਲ੍ਹਮ ਲਾਇਆਂ ਵੀ ਦੁਖਦੇ ਨੇ। ਅਤੀਤ ਉਹਦੇ ਮੋਢਿਓਂ ਉਤਰ ਹੀ ਨਹੀਂ ਰਿਹਾ। ਜ਼ਰੂਰੀ ਨਹੀਂ ਕਿ ਬੇਤਾਲ ਤੁਹਾਡੇ ਕੰਧਾੜੇ ਬੋ ਮਾਰਦੀਆਂ ਰੂੜੀਆਂ ਦਾ ਹੀ ਹੋਵੇ, ਕਿਸੇ ਸੱਲ੍ਹ ਵਰਗੇ ਜ਼ਖਮ ਵੀ ਬੇਤਾਲੇ ਹੋ ਸਕਦੇ ਨੇ। ਤਾਅ ਉਮਰ ਇਹ ਪਿੱਠ ’ਤੇ ਲਟਕਦੇ ਨੇ। ਪਿੱਠ ’ਚ ਛੁਰੇ ਮਾਰਦੇ ਨੇ। ਇਹੀ ਛੁਰੇ ਫਿਰ ਆਤਮਾ ’ਤੇ ਫੱਟ ਲਾਉਂਦੇ ਨੇ। ਆਤਮਾ ਅੱਠ ਦਹਾਕਿਆਂ ਦੇ ਇਹਨਾਂ ਜ਼ਖਮਾਂ ਨੂੰ ਟੱਕ/ਟੱਕ ਕਰਕੇ ਕੈਨਵਸ ’ਤੇ ਲਾਹੁੰਦੀ ਹੈ। ਇਹ ਵਲੂੰਧਰੀ ਹੋਈ ਆਤਮਾ ਦੀ ਕਲਾਕਾਰੀ ਹੈ। ਅਤੇ ਕਲਾਕਾਰ ਨੇ ਮੋਹਿੰਦਰ ਠੁਕਰਾਲ ਸਾਹਬ।
ਟੱਕ ਇੱਕ : ਗਿਆਨ ਚੰਦ ਦਾਦੇ ਦਾ ਨਾਮ ਹੈ। ਘੋੜੀਆਂ ਪਾਲੀਆਂ ਹੋਈਆਂ। ਪਹਿਲਵਾਨ। ਘੋੜੇ ਨੂੰ ਧੌਣੋਂ ਫੜ ਪਟਕਾ ਕੇ ਮਾਰੇ। ਆਪਣਾ ਖੰਡ ਦਾ ਬਹੁਤ ਹੀ ਵਧੀਆ ਕਾਰੋਬਾਰ ਸੀ। ਸਿਆਲਕੋਟ ਦੇ ਜਿਸਮਾਂ ’ਚ ਰਿਦਮ ਹੁੰਦੈ। ਇਹੀ ਰਿਦਮ ਮਹਿੰਦਰ ਹੁਰਾਂ ਤੱਕ ਦਾਦੇ ਰਾਹੀਂ ਪਹੁੰਚਿਆ। ਨਾਲ ਪਹਿਲਵਾਨੀ ਪਹੁੰਚੀ। ਜ਼ਖਮ ਵੀ ਪਹੁੰਚੇ। ਜ਼ਖਮ ਸਗੋਂ ਜ਼ਿਆਦਾ ਸ਼ਿੱਦਤ ਨਾਲ ਪਹੁੰਚੇ। ਦਾਦੇ ਨੇ ਘੋੜੇ ਨੂੰ ਥਾਪੀ ਦੇਣੀ। ਪਾਣੀ ਦੀ ਮਸ਼ਕ ਨਾਲ ਰੱਖਣੀ ਤੇ ਨਿਕਲ ਪੈਣਾ ਅੰਮ੍ਰਿਤਸਰ ਨੂੰ ਵਪਾਰ ਦੇ ਮਾਮਲੇ ’ਚ। ਫਿਰ ਸਿਆਲਕੋਟ ਤੋਂ ਲੈ ਕੇ ਕਪੂਰਥਲਾ, ਰਾਵੀ ਕੰਢੇ ਗੁਰਦਾਸ ਪੁਰ, ਰੋਪੜ, ਨਵਾਂ ਸ਼ਹਿਰ, ਗੜ੍ਹਸ਼ੰਕਰ ਤੱਕ ਮੁਰੱਬੇ ਬਣਾਏ। ਵਾਹਵਾ ਸੌਖਾ ਪਰਿਵਾਰ। ਪਰ ਪੱਛੋਂ ਦੇ ਪੱਛ ਨੇ ਜਦੋਂ ਰਗੜਿਆ, ਡਾਢਾਂ ਕਢਾ ਦਿੱਤੀਆਂ। ਵੰਡ ਨੇ ਬਹੁਤ ਪਰਿਵਾਰ ਪੱਛੇ। ਇਹਨਾਂ ਦੀ ਪਿੱਠ ’ਤੇ ਵਾਰ ਹੋਏ। ਇਹ ਜੋ ਟੱਕ ਨੇ ਪੇਂਟਿੰਗਜ਼ ’ਚ, ਉਹੀ ਟੱਕ ਨੇ। ਬਾਬੇ ਦੀ ਪਿੱਠ ਵਾਲੇ। ਸਮੇਂ ਨਾਲ ਆ ਕੇ ਰਿਦਮਿਕ ਹੋ ਗਏ ਨੇ। ਜ਼ਖਮ ਭਰੇ ਭਾਵੇਂ ਨਾ, ਸਮੇਂ ਦਾ ਅਸਰ ਉਹਦੇ ’ਤੇ ਜ਼ਰੂਰ ਹੁੰਦੈ। ਹਾਂ, ਜਦੋਂ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਹੈ, ਜ਼ਖਮ ’ਤੇ ਅੰਗੂਰ ਆਉਣ ਦੀ ਥਾਂ ਰਿੱਸਣ ਲੱਗਦਾ ਹੈ। ਇਹ ਜ਼ਖਮ ਅੱਜ ਫਿਰ ਕਿਉਂ ਤਾਜ਼ਾ ਹੋ ਗਏ? ਮਹਿੰਦਰ ਨੇ ਅੱਠ ਦਹਾਕਿਆਂ ਤੋਂ ਸਾਂਭੀ ਰੱਖੇ ਹੰਝੂ ਕਿਉਂ ਬਹਾ ਦਿੱਤੇ। ਆਪਣੇ ਸਮੇਂ ਦੀ ਧੜਕਣ ਸੁਣ ਲਵੋ, ਤੁਹਾਨੂੰ ਸੱਭ ਸਮਝ ਆ ਜਾਵੇਗਾ। ਕੋਈ ਵੀ ਕਲਾਕਾਰ ਸਮੇਂ ਨਾਲ ਸਹਿਕਦਾ ਹੈ। ਉਹਦੀ ਸਹਿਕ ਦਾ ਸੇਕ ਕਲਾ ਬਣਦਾ ਹੈ ਤੇ ਸਮਾਂ ਆਪਣੇ ਨਾਲ ਅਤੀਤ ਦਾ ਬੇਤਾਲ ਵੀ ਚੱੁਕੀ ਫਿਰਦਾ ਹੈ ਤੇ ਭਵਿੱਖ ’ਚ ਸਬਕ ਵੀ ਦੇ ਰਿਹਾ ਹੁੰਦਾ ਹੈ।
ਟੱਕ ਦੋ : ਮੋਹਿੰਦਰ ਹੁਰੀਂ ਖੁਦ ਦੱਸਦੇ ਨੇ ਕਿ ਕਿਵੇਂ ਸਿਆਲਕੋਟ ਦੀ ਅੱਗ ਨੇ ਪਰਿਵਾਰ ਨੂੰ ਵਿੱਛੜਿਆਂ ਹੀ ਉਧਾਲ ਲਿਆ। ਕੋਈ ਪਰਿਵਾਰਕ ਮੈਂਬਰ ਕਿਤੇ ਤੇ ਕੋਈ ਕਿਤੇ। ਪਰ ਅੱਗ ਹਰ ਥਾਂ ਸੇਕ ਪੈਦਾ ਕਰ ਰਹੀ ਸੀ। ਬੰਦਿਆਈ ਮੱਚ ਰਹੀ ਸੀ। ਮੌਤ ਨੱਚ ਰਹੀ ਸੀ। ਲੋਕ ਉਜੜ ਰਹੇ ਸਨ। ਕਾਫਲਿਆਂ ਦਾ ਰੂਪ ਲਹੂ ਲੁਹਾਣ ਹੋ ਰਿਹਾ ਸੀ। ਹਮਲਾਵਰ ਬੁੱਚੜ ਹੁੰਦੇ ਨੇ। ਪਿਓ ਹੰਸ ਰਾਜ ਨੇ ਤੀਸਰੀ ਮੰਜ਼ਿਲ ਤੋਂ ਛਾਲ ਮਾਰੀ। ਹੇਠਾਂ ਲਾਸ਼ਾਂ ਦਾ ਢੇਰ ਲੱਗਾ ਪਿਆ ਸੀ। ਉਹਦੇ ਬਹੁਤੀ ਸੱਟ ਤਾਂ ਨਾ ਲੱਗੀ, ਪਰ ਚੂਲਾ ਹਿੱਲ ਗਿਆ। ਸਾਰੀ ਉਮਰ ਉਹ ਛਾਲ ਮਰੇ ਹੋਏ ਸੁਪਨੇ ਵਾਂਗ ਨਾਲ ਚੱੁਕੀ ਫਿਰਦਾ ਰਿਹਾ। ਸਮੇਂ ਦਾ ਸੱਚ ਸੀ ਕਿ ਕੁੱਝ ਸੀਨੇ ਮੱਚ ਰਹੇ ਸਨ। ਕਈਆਂ ਦੇ ਧਰਮ ਪਰਿਵਰਤਨ ਹੋ ਰਹੇ ਸਨ। ਇਹਨਾਂ ਦਾ ਵੀ ਇੱਕ ਟੱਬਰ ਮੁਸਲਿਮ ਹੋ ਗਿਆ। ਬਾਕੀ ਅੰਮ੍ਰਿਤਸਰ ਆ ਕੇ ਕੈਂਪ ’ਚ ਇਕੱਠੇ ਹੋਏ। ਕਿਹੜਾ ਪਰਿਵਾਰ ਸੀ, ਜਿਹਨੇ ਸੇਕ ਸਹਿਣ ਨਹੀਂ ਕੀਤਾ। ਕਿਹੜਾ ਸੀ, ਜਿਹਦੀ ਪਿੱਠ ’ਤੇ ਛੁਰੇ ਨਹੀਂ ਸਨ ਵੱਜੇ। ਮਾਰਨ ਵਾਲੇ ਵੀ ਹਮਸਾਏ। ਬੜਾ ਹੌਲਨਾਕ ਮੰਜ਼ਰ ਸੀ। ਦਾਦੇ ਨੇ ਇੱਕ ਬਿਮਾਰ ਔਰਤ ਮੋਢਿਆਂ ’ਤੇ ਉਲਾਰੀ ਹੋਈ ਤੇ ਹਮਲਾਵਰਾਂ ਦਾ ਵਾਰ ਸਹਿ ਰਿਹਾ ਹੈ। ਉਹਦੀ ਪਿੱਠ ਛੁਰਿਆਂ ਨਾਲ ਪਰੁੰਨ੍ਹੀ ਗਈ ਹੈ। ਕੋਲ ਕਿਰਪਾਨ ਹੈ। ਹਮਲਾਵਰਾਂ ਦੇ ਵਾਰ ਸਹਿੰਦਿਆਂ ਉਹ ਕਿਸੇ ਗੰਦੇ ਨਾਲੇ ’ਚ ਜਾ ਪਿਆ। ਉੱਥੇ ਸੱਪ ਨੇ ਡੰਗ ਮਾਰਿਆ। ਉਹਨੇ ਉਸੇ ਕਿਰਪਾਨ ਨਾਲ ਡੰਗ ਵਾਲੀ ਥਾਂ ਪੱਛੀ। ਕਿਸੇ ਤਰ੍ਹਾਂ ਬਚ ਨਿਕਲਿਆ। ਇੱਕ ਤੂੜੀ ਵਾਲੇ ਢਾਰੇ ’ਚੋਂ ਤੂੜੀ ਨਾਲ ਜ਼ਖਮ ਢਕ ਸਿਰ ਦਾ ਮੰਡਾਸਾ ਖੋਲ੍ਹ ਬੰਨ੍ਹ ਲਿਆ। ਤਿੰਨ ਦਿਨ ਉੱਥੇ ਈ ਲੁਕਿਆ ਰਿਹਾ ਭੁੱਖਾ ਭਾਣਾ। ਮੋਹਿੰਦਰ ਦੀ ਅੱਖ ’ਚ ਖੂਨ ਉਤਰਿਆ ਹੈ। ਉਹਨੇ ਅੱਖ ਜਿਹੜੀ ਬਣਾਈ ਹੈ ਆਪਣੀ ਇਸ ਲੜੀ ’ਚ, ਆਪਣੇ ਹੀ ਪੋਟਰੇਟ ਦੀ, ਉਹ ਅੱਖ ਬਾਪੂ ਦੀ ਅੱਖ ਹੈ, ਉਹਨਾਂ ਤਿੰਨ ਦਿਨਾਂ ’ਚ ਜਿਹੋ ਜਿਹੀ ਸੀ। ਉਹ ਸਾਰਾ ਦਹਿਲ/ਭੁੱਖ/ਮੁਸੀਬਤ/ਵਿਛੋੜਾ/ਸੱਪ/ਡੰਗ ਸੱਭ ਉਸ ਅੱਖ ’ਚ ਦਿਖਾਈ ਦਿੰਦੇ ਨੇ। ਤੁਸੀਂ ਖੁਦ ਦੇਖ ਲਵੋ।
ਟੱਕ ਤਿੰਨ : ਇਸ ਲੜੀ ’ਚ ਸੈਲਫ ਪੋਟਰੇਟ ਹੀ ਕਿਉਂ? ਜਦੋਂ ਸਿਆਲਕੋਟ ਮੱਚਿਆ, ਮੋਹਿੰਦਰ ਸਾਲ ਕੁ ਦਾ ਸੀ। ਉਜਾੜਾ ਸਿਰ ’ਤੇ ਕੂਕ ਰਿਹਾ। ਬੀਬੀਆਂ ਆਪਣੀਆਂ ਇੱਜ਼ਤਾਂ ਲਪੇਟੀ ਖੂਹਾਂ ’ਚ ਛਾਲਾਂ ਮਾਰ ਰਹੀਆਂ। ਕੁੱਝ ਰੇਪ ਹੋ ਰਹੀਆਂ। ਥਣ ਕੱਟ ਦਿੱਤੇ ਕਿਸੇ ਦੇ। ਪਾਪ ਦੀ ਜੰਜ ਕਾਬਲੋਂ ਨਹੀਂ ਆਈ ਸੀ, ਨੌਂਹਾਂ ਨਾਲੋਂ ਮਾਸ ਵੱਖ ਹੋ ਗਿਆ ਸੀ। ਮਾਂ ਸੁਹਾਗਵੰਤੀ ਤੇ ਮਾਸੀ ਸੋਮਵੰਤੀ ਘਿਰ ਗਈਆਂ। ਦਹਿਲ ਗਈਆਂ। ਦਰਿਆ ’ਚ ਉਤਰ ਗਈਆਂ। ਸਰਕੜਿਆਂ ਦੇ ਉਹਲੇ। ਹਮਲਾਵਰ ਦੇ ਅੱਖੀਂ ਘੱਟਾ। ਪਾਣੀ ਦਾ ਵਹਾਅ। ਮਾਸੀ ਨੇ ਮੁੰਡੇ ਨੂੰ ਸਿਰ ’ਤੇ ਬਿਠਾ ਲਿਐ। ਘੁਸਮੁਸੇ ’ਚ ਘੁਸਰ/ਮੁਸਰ ਹੋਈ। ਇਹ ਬਚ ਗਈਆਂ। ਮੁੰਡੇ ਨੂੰ ਕੁੱਝ ਨਹੀਂ ਖਬਰ। ਮਾਸੀ ਜਦੋਂ ਦੱਸਦੀ ਸੀ, ਨੌਜਵਾਨ ਹੋ ਗਏ ਮਹਿੰਦਰ ਦੇ ਕੰਨ ਸਾਂ/ਸਾਂ ਕਰਨ ਲੱਗਦੇ। ਮੌਤ ਅੱਖਾਂ ’ਚ ਉਤਰ ਆਉਂਦੀ। ਉਹਨੇ ਸਾਰੇ ਮੰਜ਼ਰ ਮਾਸੀ ਤੇ ਮਾਂ ਦੀ ਅੱਖ ’ਚੋਂ ਪੜ੍ਹੇ ਸਨ। ਉਹੀ ਮੰਜ਼ਰ ਨੇ ਇਹਦੇ ਦਿਲ ਦੇ ਨਿਸ਼ਾਨ ਵਾਲੇ। ਮੌਤ ਦੇ ਨਿਸ਼ਾਨ ਵਾਲੇ। ਇਸੇ ਕਰਕੇ ਅਣਵੰਡੇ ਪੰਜਾਬ ਦਾ ਨਕਸ਼ਾ ਇਹਦੇ ਹਿਰਦੇ ’ਚ ਵੱਸਦੈ। ਓਧਰ ਪਾਰ ਰਹਿ ਗਿਆ ਟੱਬਰ ਵੀ ਪੇਂਟਿੰਗਜ਼ ’ਚ ਟਰੈਵਲ ਕਰ ਰਿਹੈ। ਇਹ ਕਲਾ/ਕਿਰਤਾਂ ਬਹੁਤ ਸੂਖਮ ਨੇ। ਇਹ ਸਮੇਂ ਦੇ ਦਾਗ਼ ਨੇ। ਇਹ ਉਹ ਟੱਕ ਨੇ, ਜਿਹਨਾਂ ਨੇ ਪੀੜ੍ਹੀਆਂ ਤੱਕ ਮੱਚਣਾ ਹੈ। ਇਹ ਮਹਿੰਦਰ ਦੇ ਅੰਦਰੋਂ ਅਸਮਾਨ ਵੱਲ ਉੱਠੀਆਂ ਲਾਟਾਂ ਨੇ। ਇਹਦੇ ’ਚ ਕਲਾਕਾਰ ਬਲ਼ ਰਿਹੈ।
ਟੱਕ ਚਾਰ : ਪੋਟਰੇਟ ਵਾਲਾ ਜੁੱਸਾ ਭਲਵਾਨੀ ਹੈ। ਮੁੱਛ ਵੀ ਭਲਵਾਨੀ ਹੈ। ਇਹ ਇਮਾਨਦਾਰ ਬੰਦੇ ਦੀ ਨਿਸ਼ਾਨੀ ਹੈ। ਭਲਵਾਨੀ ਇਹਨਾਂ ਤੋਂ ਵੀ ਪਹਿਲਾਂ ਇੰਤਜ਼ਾਰ ਕਰ ਰਹੀ ਸੀ। ਜਲੰਧਰ ਅਖਾੜਿਆਂ ’ਚ ਦੂਸਰੇ ਨੰਬਰ ਤੇ ਸੀ। ਪਹਿਲੇ ਨੰਬਰ ’ਤੇ ਅੰਮ੍ਰਿਤਸਰ ਸੀ। ਮਹਾਸ਼ਾ ਭਾਰਤ ਭੂਸ਼ਨ ਉਰਫ ਅਫਲਾਤੂਨ ਉਸਤਾਦ ਸਨ। ਜਾ ਪੈਰੀਂ ਹੱਥ ਲਾਏ। ਜ਼ੋਰ/ਕਸਰਤ ਸ਼ੁਰੂ। ਦਿਨ ਪਲਟਦੇ ਰਹੇ, ਅਖਾੜੇ ਮਹਿਕਦੇ ਰਹੇ। ਫਿਰ ਉਸਤਾਦ ਨੇ ਕਿਹਾ, ਮੈਂ ਹੁਣ ਇੱਥੇ ਨਹੀਂ ਰਹਿਣਾ। ਇਸ ਅਖਾੜੇ ਦੀ ਸੰਭਾਲ ਚਾਰਾਂ ਨੂੰ ਪਾਈ। ਇਹ ਚਾਰ ਨਾਂਵ ਸਨ, ਸਾਹਿਬ ਸਿੰਘ, ਰਾਮ ਲਾਲ, ਸਵਤੰਤਰ ਕੁਮਾਰ ਤੇ ਮੋਹਿੰਦਰ ਠੁਕਰਾਲ। ਇਹ ਭਾਰਤ ਦੀ ਮੰਗ ਹੈ। ਇਹ ਭਾਰਤ ਦੀ ਸਾਂਝ ਹੈ। ਅਸੀਂ ਇੱਕੋ ਅਖਾੜੇ ਦੇ ਹਾਂ। ਉਸਤਾਦ ਲੋਕ ਦੂਰ-ਅੰਦੇਸ਼ੀ ਹੁੰਦੇ ਸਨ। ਉਹ ਕੋਈ ਵੀ ਸੁਨੇਹਾ ਦਿੰਦੇ, ਮਨੁੱਖਤਾ ਪਹਿਲ ’ਤੇ ਹੁੰਦੀ। ਇਹਨਾਂ ਪੇਂਟਿੰਗਜ਼ ’ਚ ਉਸਤਾਦ ਦਾ ਸੁਨੇਹਾ ਵੀ ਹੈ। ਤਦੇ ਮੈਂ ਕਹਿ ਰਿਹਾਂ ਕਿ ਕੋਈ ਵੀ ਕਲਾ/ਕਿਰਤ ਆਪਣੇ ਸਮੇਂ ਨੂੰ ਸਿੱਧਾ ਸੰਬੋਧਿਤ ਹੁੰਦੀ ਹੈ, ਭਾਵੇਂ ਉਹਨੇ ਅਤੀਤ ’ਚੋਂ ਬਹੁਤ ਕੁੱਝ ਲਿਆ ਵੀ ਹੋਵੇ। ਭਵਿੱਖ ਉਹਦੇ ’ਚ ਝਾਕ ਸਕਦੈ। ਇਹੀ ਇਹਨਾਂ ਤਸਵੀਰਾਂ ਦੀ ਖੂਬਸੂਰਤੀ ਏ। ਮੈਂ ਇਹਨਾਂ ਦੇ ਆਰ-ਪਾਰ ਝਾਕਿਆ ਹਾਂ। ਇਹ ਟਰਾਂਸਪੇਰੇਂਟ ਨੇ। ਜਿਵੇਂ ਮਹਿੰਦਰ ਹੁਰਾਂ ਦਾ ਦਿਲ। ਇਹ ਬਹੁਤ ਪ੍ਰਬੁੱਧ ਪਰ ਜ਼ਮੀਨ ਨਾਲ ਜੁੜੇ ਕਲਾਕਾਰ ਦੀ ਧੜਕਣ ਨੇ। ਤੁਸੀਂ ਕਿਸੇ ਵੀ ਪੇਂਟਿੰਗ ’ਚ ਕੱੁਝ ਧੜਕਦਾ ਸੁਣ ਸਕਦੇ ਹੋ। ਤਦੇ ਇਹ ਪੋਟਰੇਟ ਹੋ ਗਈਆਂ। ਇੱਕ ਕਲਾਕਾਰ ਦਾ ਪੋਟਰੇਟ।
ਟੱਕ ਪੰਜ : ਵੰਡ ਵਾਲੀ ਲੜੀ ਦਾ ਬਣਨ ਸਮਾਂ ਤੇ ਮੋਹਿੰਦਰ ਦੀ ਅੱਖ ’ਚ ਕੋਈ ਪੱਛ ਲਾ ਰਿਹਾ ਹੈ। ਉਸ ਸਮੇਂ ਦੀ ਪਛਾਣ ਕਰਵਾਉਣੀ ਹੈ। ਅੱਜ ਜਿਹੜੇ ਜ਼ਾਤ/ਧਰਮ ਦੇ ਟੱਕ ਮਨੁੱਖੀ ਮਨ ’ਤੇ ਵੱਜ ਰਹੇ ਨੇ। ਜਿਹੜੇ ਪੀੜ੍ਹੀਆਂ ਤੱਕ ਟਰੈਵਲ ਕਰਨਗੇ। ਮਹਿੰਦਰ ਦਾ ਪੁੱਤਰ ਕਿਸਾਨ ਮੋਰਚੇ ’ਚ ਜਾ ਬੈਠਿਆ। ਅਸੀਂ ਕਿਸਾਨ ਦੇ ਬੱਚੇ ਹਾਂ। ਕਿਸਾਨ ਸਾਡਾ ਬਾਪ ਐ/ਦਾਦਾ ਐ। ਕਿਵੇਂ ਅਭਿੱਜ ਰਹਿ ਜਾਵਾਂਗੇ। ਮੋਹਿੰਦਰ ਕਿਵੇਂ ਅਭਿੱਜ ਰਹਿ ਸਕਦਾ। ਕੋਈ ਵੀ ਕਲਾਕਾਰ ਕਿਵੇਂ ਅਭਿੱਜ ਰਹਿ ਸਕਦਾ। ਆਪਣੇ ਈ ਸਮੇਂ ਤੋਂ ਅਭਿੱਜ ਰਹਿ ਕੇ ਕੋਈ ਕਲਾਕਾਰ ਕਿਵੇਂ ਹੋ ਸਕਦੈ? ਨਹੀਂ ਹੋ ਸਕਦਾ। ਹਰ ਬੌਧਿਕ ਸਲੋਅ ਸਲੋਅ ਸੁਸਾਈਡ ਵੱਲ ਵੱਧ ਰਿਹਾ ਹੁੰਦਾ। ਹਰ ਬੌਧਿਕ ਵਿਅਕਤੀ ਮਰੇਗਾ। ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਏ। ਮਹਿੰਦਰ ਦੀ ਅੱਖ ਦਾ ਅੱਥਰ ਇਹਨਾਂ ਪੇਂਟਿੰਗਜ਼ ’ਚ ਕਿਤੇ ਕਿਰ ਗਿਆ ਹੈ। ਤਦੇ ਇਹ ਦ੍ਰਵਿਤ ਨੇ। ਇਹ ਕਲਾ/ਕਿਰਤਾਂ ਵਹਿ ਰਹੀਆਂ ਨੇ। ਤੁਸੀਂ ਇਹਨਾਂ ਦੀ ਕਲ਼ਕਲ਼ ਸੁਣ ਸਕਦੇ ਹੋ। ਇਹ ਕਲ਼ਕਲ਼ ਕੰਨਾਂ ਨਾਲ ਨਹੀਂ, ਮਨ ਨਾਲ ਸੁਣੀ ਜਾਣੀ ਹੈ। ਮੈਂ ਇਹਨਾਂ ਦੀ ਕਲ਼ਕਲ਼ ਸੁਣ ਰਿਹਾ ਹਾਂ। ਮਾਸੀ ਸੋਮਵੰਤੀ ਦੇ ਪੈਰਾਂ ਦੀ ਛਪਾਕ ਮੈਨੂੰ ਸੁਣਾਈ ਦੇ ਰਹੀ ਹੈ। ਮੇਰੇ ਮਨ ’ਚ ਭੈਅ ਜਾਗਿਆ ਹੈ। ਮਹਿੰਦਰ ਕਿਸੇ ਬੱਚੇ ਨੂੰ ਆਪਣੇ ਕਲਾਵੇ ’ਚ ਭਰਦਾ ਹੈ। ਇਹ ਉਹਦੀਆਂ ਪੇਂਟਿੰਗਜ਼ ਨੇ। ਇਹੀ ਉਹਦੇ ਪੁੱਤਰ ਧੀਆਂ ਨੇ। ਉਹ ਇਹਨਾਂ ਨੂੰ ਸਮੇਂ ਦੀ ਅਗਨ ’ਚ ਸੜਨ ਤੋਂ ਬਚਾਉਣਾ ਚਾਹੁੰਦੈ। ਤਦੇ ਮਹਿੰਦਰ ਪੋਟਰੇਟ ਹੋ ਗਿਐ। ਉਹ ਕ੍ਰਾਂਤੀ ਬੀਜ ਰਿਹੈ। ਜੇ ਮੇਰਾ ਭਵਿੱਖ ਬਲ਼ੇਗਾ, ਤਾਂ ਉਹਨਾਂ ’ਚ ਬਲਣ ਵਾਲਾ ਮੈਂ ਸੱਭ ਤੋਂ ਪਹਿਲਾ ਬੰਦਾ ਹੋਵਾਂਗਾ। ਮੈਂ ਕਲਾ ਦੇ ਰੂਪ ’ਚ ਮੱਚਾਂਗਾ ਤੇ ਕੁਕਨੂਸ ਬਣਕੇ ਫਿਰ ਜਨਮ ਲਵਾਂਗਾ। ਮੈਂ ਲੜਾਂਗਾ। ਉਦੋਂ ਤੱਕ ਜਦ ਤੱਕ ਲੜਨ ਦੀ ਲੋੜ ਹੋਈ।