• ਦੀਵਾਨ ਮਾਨਾ

ਇਕ ਕਲਾਕਾਰ ਬਣਨ ਦੀ ਯੋਗਤਾ ਕੀ ਹੈ?

ਕੁਦਰਤੀ ਸੂਝ, ਅੰਤਰ-ਪ੍ਰੇਰਨਾ, ਗਿਆਨ, ਸਮਝ, ਗੁਣ, ਹੁਨਰ, ਕੁਦਰਤੀ ਨਿਪੁੰਨਤਾ ਜਾਂ ਇਨ੍ਹਾਂ ਸਾਰਿਆਂ ਦਾ ਸੁਮੇਲ ਅਤੇ ਇਨ੍ਹਾਂ ਸਭ ਨੂੰ ਸਹਿਜਤਾ ਨਾਲ ਹੰਢਾਉਣ ਦੀ ਸਮਰੱਥਾ?

ਜਦੋਂ ਨੌਜਵਾਨ ਵਿਦਿਆਰਥੀ ਕਲਾਕਾਰ ਬਣਨ ਦੀ ਵੰਗਾਰ ਲੈਂਦੇ ਹਨ, ਭਾਰਤ ਵਿਚ, ਕਿਸੇ ਕਾਲਜ ਦੇ ਕਲਾ ਵਿਭਾਗ ਜਾਂ ਕਾਲਜ ਆਫ਼ ਆਰਟ ਵਿਚ ਦਾਖ਼ਲਾ ਲੈਂਦੇ ਹਨ, ਤਾਂ ਉਹਨਾਂ ਲਈ ਆਧੁਨਿਕ ਅਤੇ ਸਮਕਾਲੀ ਕਲਾ ਦੇ ਸੰਸਾਰ ਦੀ ਖਿੜਕੀ ਖੁੱਲ੍ਹਦੀ ਹੈ, ਜੋ ਜ਼ਿਆਦਾਤਰ ਪੱਛਮੀ ਹੁੰਦਾ ਹੈ।

ਜ਼ਿਆਦਾਤਰ ਪਿੰਡਾਂ ਜਾਂ ਛੋਟੇ-ਸ਼ਹਿਰਾਂ ਤੋਂ ਆਏ, ਵਿਦਿਆਰਥੀਆਂ, ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਕਲਾ ਇਕ ਪੇਸ਼ਾ ਹੋ ਸਕਦੀ ਹੈ ਜਾਂ ਪ੍ਰਗਟਾਵੇ ਦਾ ਮਾਧਿਅਮ ਹੋ ਸਕਦੀ ਹੈ, ਉਨ੍ਹਾਂ ਨੂੰ ਆਪਣੇ ਛੋਟੇ ਜਿਹੇ ਵਿਦਿਆਰਥੀ ਜੀਵਨ ਦੇ ਸਫ਼ਰ ਦੌਰਾਨ ਵਿਚਾਰ-ਵਟਾਂਦਰਾਂ ਕਰਨ, ਸਿਖਲਾਈ ਅਤੇ ਮਾਰਗ-ਦਰਸ਼ਨ ਪ੍ਰਾਪਤ ਕਰਨ ਦੀਆਂ ਪ੍ਰਕਿਰਿਆਵਾਂ ਨਾਲ ਵਾਬਸਤਾ ਹੋਣ ਦਾ ਮੌਕਾ ਘੱਟ ਹੀ ਮਿਲਦਾ ਹੈ।  ਘਰ, ਸਕੂਲ ਜਾਂ ਕਾਲਜ ਦੇ ਯੁਵਾ ਉਤਸਵਾਂ ਵਿਚ ਆਰਾਮ ਨਾਲ ਆਪਣੀ ਚਾਲੇ ਕਲਾ ਸਿਰਜਣਾ ਕਰਨ ਦੇ ਅਨੁਭਵਾਂ ਤੋਂ ਅਚਾਨਕ ਅਵਚੇਤਨ, ਧੁੰਦਲੇ, ਅਣਬਿਆਨੇ ਅਤੇ ਉੱਚ ਪੱਧਰ ਦੀ ਕਲਾ ਦੇ ਦਰਜਾਬੰਦੀ ਵਾਲੇ ਸੰਸਾਰ ਵਿਚ ਆਉਣਾ, ਜੇ ਘੱਟ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ, ਉਨ੍ਹਾਂ ਲਈ ਉਲਝਣ ਭਰਿਆ ਹੁੰਦਾ ਹੈ। ਯਥਾਰਥਕ ਤੋਂ ਸੂਖ਼ਮ ਵੱਲ ਤਬਦੀਲੀ ਬਹੁਤ ਤਤਫੱਟ ਹੁੰਦੀ ਹੈ।

ਭਾਵੇਂ ਸੂਖ਼ਮਤਾ ਮਨੁੱਖੀ ਹੋਂਦ ਅਤੇ ਪ੍ਰਗਟਾਵੇ ਦਾ ਹੀ ਹਿੱਸਾ ਹੈ ਪਰ ਕਲਾ ਅੰਦਰ ਪ੍ਰਗਟਾਵੇ ਦੇ ਰੂਪ ਵੱਜੋਂ ਇਸ ਦਾ ਅਭਿਆਸ ਕਰਨਾ ਆਸਾਨ ਨਹੀਂ ਹੈ। ਜਿੱਥੇ ਯਥਾਰਥ ਅਕਸਰ ਸੌਖਿਆਈ ਨਾਲ ਕਿਆਸਿਆ ਜਾ ਸਕਣ ਵਾਲਾ ਲੱਗਦਾ ਹੈ ਜਦ ਕਿ ਸੂਖ਼ਮ ਧੁੰਦਲਾ, ਕਿਸੇ ਸਪੱਸ਼ਟ ਅਰਥ ਤੱਕ ਨਾ ਪਹੁੰਚਾਉਣ ਵਾਲਾ, ਮਹਿਸੂਸ ਹੁੰਦਾ ਹੈ, ਪਰ ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ, ਅਜਿਹੇ ਕਈ ਅਣਗਾਹੇ ਅਨੁਭਵ ਹਨ ਜਿਨ੍ਹਾਂ ਦਾ ਪ੍ਰਗਟਾਵਾ ਸੂਖ਼ਮਤਾ ਰਾਹੀਂ ਹੀ ਸੰਭਵ ਹੈ-ਜੋ ਯਥਾਰਥਕ ਸੰਸਾਰ ਤੋਂ ਕਿਤੇ ਅਗਾਂਹ ਦੀ ਗੱਲ ਹੈ।

ਸਿਰਜਣਾਤਮਕ ਜ਼ਿਹਨ ਅਤੇ ਕਲਾਤਮਕ ਮਾਧਿਅਮ ਦੇ ਔਜ਼ਾਰਾ, ਸ਼ਬਦਾਵਲੀ ਅਤੇ ਵਿਆਰਕਨ ਦੀ ਵਰਤੋਂ ਦੀ ਸਿਖਲਾਈ ਵਿਚਕਾਰਲਾ ਇਹ ਖੱਪਾ ਪੂਰਿਆ ਕਿਵੇਂ ਜਾਵੇ? ਉਨ੍ਹਾਂ ਨੂੰ ਆਪਣੇ ਅੰਦਰ ਦੀ ਆਵਾਜ਼ ਸੁਣਨ ਅਤੇ ਇਕਸੁਰਤਾ ਪੈਦਾ ਕਰਨ ਦੇ ਰਾਹ ਪਾ ਕੇ ਜਿਸ ਉੱਤੇ ਤੁਰਦਿਆਂ ਉਹ ਆਲੇ-ਦੁਆਲੇ ਦੀ ਕਾਵਾਂ ਰੌਲੀ ਵਿਚੋਂ ਛਾਂਟ ਕੇ ਜ਼ਿੰਦਗੀ ਦੀ ਲੈਅ ਦੇ ਨਕਸ਼ ਤਲਾਸ਼ਦੇ ਹੋਏ ਸਿਰਜਣਾਤਮਕਤਾ ਦੀਆਂ ਮਹੀਨ ਬਰੀਕੀਆਂ ਨੂੰ ਸਮਝਦੇ ਹੋਏ ਅੱਗੇ ਵਧਦੇ ਜਾਵਣ !

ਜੇ ਅਸੀਂ ਆਪਣੇ ਦਰਸ਼ਨੀ ਕਲਾ ਅਭਿਆਸਾਂ ਅੰਦਰ ਮੌਲਿਕ ਚਿੰਤਨ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਤਾਂ ਅਦਾਰਿਆਂ ਨੂੰ ਆਪਣੇ ਪਾਠਕ੍ਰਮਾਂ ਬਾਰੇ ਪੁਨਰ-ਵਿਚਾਰ ਕਰਨਾ ਪਵੇਗਾ ਅਤੇ ਕਲਾਤਮਕ ਢੰਗ ਨਾਲ ਵਿਦਿਆਰਥੀਆਂ ਨੂੰ ਕਲਾ ਦੇ ਵੱਖ-ਵੱਖ ਰੂਪਾਂ ਜਿਵੇਂ ਲੋਕ-ਕਲਾ, ਰਿਵਾਇਤੀ, ਮਿਨੀਏਚਰ, ਅਜੰਤਾ, ਐਲੋਰਾ, ਗੰਧਾਰ, ਅਫ਼ਰੀਕਨ, ਮੂਲਨਿਵਾਸੀ, ਕਬਾਇਲੀ ਵਰਗੀਆਂ ਹੋਰ ਅਨੇਕ ਕਲਾਵਾਂ ਵਿਚੋਂ ਦੀ ਗੁਜ਼ਾਰਦੇ ਹੋਏ ਸਮਕਾਲੀ ਕਲਾ ਦੇ ਸੰਸਾਰ ਤੱਕ ਲਿਆਉਣਾ ਹੋਵੇਗਾ।

ਨਾਰੀ ਕਲਾਕਾਰਾਂ ਦੇ ਪੇਸ਼ੇਵਰ ਰੂਪ ਵਿਚ ਕਲਾ ਨੂੰ ਅਪਣਾਉਣ ਦੀ ਘਾਟ ਦੇ ਚਿੰਤਾਜਨਕ ਤੱਥ ਕਿਹੜੇ ਹਨ?

ਕਲਾ ਜਗਤ ਵਿਚ ਪੇਸ਼ੇਵਰ ਸਰਗਰਮ ਔਰਤਾਂ ਜਾਂ ਨੁਮਾਇਸ਼ਾਂ ਵਿਚ ਹਿੱਸਾ ਲੈਣ ਵਾਲੀਆਂ ਅਤੇ ਆਪਣੇ ਅਨੁਭਵਾਂ ਦਾ ਪ੍ਰਗਟਾਵਾ ਕਲਾ ਨਾਲ ਕਰਨ ਵਾਲੀਆਂ ਔਰਤਾਂ ਬਾਰੇ ਥੋੜ੍ਹੀ ਜਿਹੀ ਉਪਲੱਬਧ ਜਾਣਕਾਰੀ ਰਾਹੀਂ ਜਿੱਥੋਂ ਤੱਕ ਮੈਂ ਪਹੁੰਚ ਸਕਿਆਂ ਹਾਂ, ਇਹ ਹੈਰਾਨ ਕਰਨ ਵਾਲੀ ਗੱਲ ਨਜ਼ਰ ਆਉਂਦੀ ਹੈ ਕਿ ਕਲਾ ਦੀ ਸਿੱਖਿਆ ਲੈਣ ਦੇ ਮਾਮਲੇ ਵਿਚ ਮੁੰਡਿਆਂ ਨਾਲੋਂ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ।  ਸਰਗਰਮੀਆਂ ਵਿਚ ਸ਼ਾਮਲ ਹੋਣ ਅਤੇ ਇਨਾਮ ਅਤੇ ਵਜੀਫ਼ੇ ਜਿੱਤਣ ਦੇ ਮਾਮਲੇ ਵਿਚ ਨੌਜਵਾਨ ਔਰਤਾਂ ਪੁਰਸ਼ਾਂ ਨਾਲੋਂ ਕਿਤੇ ਅੱਗੇ ਹਨ। ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਦੇਣ ਵਾਲੇ ਕਲਾਤਮਕ ਊਰਜਾ ਨਾਲ ਭਰੇ ਉਨ੍ਹਾਂ ਦੇ ਉਤਸ਼ਾਹ ਨੂੰ ਦੇਖ ਕੇ ਦਿਲ ਬਾਗੋ-ਬਾਗ ਅਤੇ ਉਤਸ਼ਾਹਿਤ ਹੋ ਜਾਂਦਾ ਹੈ, ਪਰ ਜਦੋਂ ਪੇਸ਼ੇਵਰ ਵਰਗ ਦੀ ਗੱਲ ਆਉਂਦੀ ਹੈ ਤਾਂ ਇਹ ਗਿਣਤੀ ਬਹੁਤ ਹੇਠਾਂ ਚਲੀ ਜਾਂਦੀ ਹੈ। ਜਦੋਂ ਵਡੇਰੇ ਕਲਾਕਾਰਾਂ ਨੂੰ ਉਭਰਦੀਆਂ ਅਤੇ ਸਥਾਪਿਤ ਕਲਾਕਾਰ ਔਰਤਾਂ ਦੇ ਨਾਮਾਂ ਦੀ ਦੱਸ ਪਾਉਣ ਲਈ ਗ਼ੁਜ਼ਾਰਿਸ਼ ਕੀਤੀ ਜਾਂਦੀ ਹੈ ਤਾਂ ਖਿੱਤੇ ਅੰਦਰ ਕਲਾਤਮਕ ਤੌਰ ’ਤੇ ਸਰਗਰਮ ਔਰਤਾਂ ਲੱਭਣੀਆਂ ਬੇਹੱਦ ਮੁਸ਼ਕਿਲ ਹੋ ਜਾਂਦੀਆਂ ਹਨ।

ਕਾਰਣ? ਕੀ ਭਰੂਣ-ਹੱਤਿਆ ਕਰਕੇ ਸੁੰਗੜਦਾ ਲਿੰਗ ਅਨੁਪਾਤ ਇਸ ਦੀ ਵਜ੍ਹਾ ਹੈ? ਸ਼ਾਇਦ ਇਹ ਨਜ਼ਰੀਆ ਇਸ ਦਾ ਕਾਰਨ ਹੈ¸ਔਰਤਾਂ ਪ੍ਰਤੀ ਸਦੀਆਂ ਪੁਰਾਣਾ ਸਮਾਜਿਕ ਵਿਤਕਰੇ ਵਾਲੀ ਸੋਚ। ਪਹਿਲਾਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਡਿਗਰੀਆਂ ਲੈਣ ਅਤੇ ਘਰ-ਸੰਭਾਲਣ ਵਾਲੀਆਂ ਪਤਨੀਆਂ ਬਣਨ। ਹੁਣ ਉਮੀਦ ਕੀਤੀ ਜਾਂਦੀ ਹੈ ਕਿ ਉਹ ਨੌਕਰੀ ਕਰਨ ਅਤੇ ਘਰ ਦਾ ਕਮਾਊ ਮੈਂਬਰ ਬਣਨ, ਆਪਣੀ ਉਨੀਆਂ ਕੁ ਦਫ਼ਤਰੀ ਜ਼ਿੰਮੇਵਾਰੀਆਂ ਪੂਰੀਆਂ ਕਰੀ ਜਾਣ ਜਿੰਨੀਆਂ ਨੌਕਰੀ ਬਚਾਈ ਰੱਖਣ ਲਈ ਜ਼ਰੂਰੀ ਹਨ। ਉਨ੍ਹਾਂ ਦੇ ਪੇਸ਼ੇਵਰ ਫ਼ਰਜ਼ ਦਫ਼ਤਰ ਦੇ ਦਰਵਾਜ਼ੇ ਉੱਤੇ ਹੀ ਮੁੱਕ ਜਾਂਦੇ ਹਨ। ਘਰ ਵਿਚ ਸਿਰਫ਼ ਉਹ ਪਤਨੀਆਂ, ਭੈਣਾਂ, ਮਾਵਾਂ ਹਨ। ਘਰ ਵਿਚ ਉਨ੍ਹਾਂ ਤੋਂ ਉਹੀ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜੋ ਉਹ ਮੱਧਕਾਲ ਵਿਚ ਕਰਦੀਆਂ ਸਨ। ਵੱਡੇ ਪੱਧਰ ਉੱਤੇ ਪ੍ਰਤਿਭਾ ਵਿਅਰਥ ਜਾ ਰਹੀ ਹੈ ਅਤੇ ਸਮਾਜ ਦਾ ਇਕ ਵੱਡਾ ਹਿੱਸਾ ਬਰਾਬਰ ਅਤੇ ਨਿਆਂਪੂਰਨ ਸਮਾਜ ਸਿਰਜਣ ਵਿਚ ਅਸਲੀ ਯੋਗਦਾਨ ਦੇਣ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। 

ਅਸੀਂ ਇਸ ਤਰ੍ਹਾਂ ਕਦੋਂ ਤੱਕ ਚੱਲਣ ਦੇਵਾਂਗੇ? ਇਸ ਖੜ੍ਹੋਤ ਨੂੰ ਕੌਣ ਤੋੜੇਗਾ?

ਦੀਵਾਨ ਮਾਨਾ

ਕਲਾਕਾਰ ਅਤੇ ਪ੍ਰਧਾਨ

ਪੰਜਾਬ ਲਲਿਤ ਕਲਾ ਅਕਾਦਮੀ

ਚੰਡੀਗੜ੍ਹ  

੧੦ ਨਵੰਬਰ ੨੦੧੯