ਇਹ ਮੁੱਖਬੰਧ ਮੋਹਿੰਦਰ ਠੁਕਰਾਲ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਨਾਲ ਸਬੰਧਿਤ ਕਿਤਾਬ “ਵੰਡ” ਦੀ ਜਾਣ ਪਛਾਣ ਕਰਵਾਉਣ ਲਈ ਲਿਖਿਆ ਗਿਆ ਹੈ . ਇਹ ਪ੍ਰਦਰਸ਼ਨੀ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ੧੨ ਤੋਂ ੧੯ ਨਵੰਬਰ ੨੦੨੧ ਤੱਕ ਲਗਾਈ ਗਈ .

ਮੋਹਿੰਦਰ ਠੁਕਰਾਲ ਦੀ ਪ੍ਰਦਰਸ਼ਨੀ ‘ਵੰਡ’ ਲੱਖਾਂ ਲੋਕਾਂ ਨੂੰ ਡਰ-ਭੈਅ ਅਤੇ ਦੁੱਖ-ਤਕਲੀਫ਼ਾਂ ਦੀ ਹੀ ਯਾਦ ਕਰਾਉਣ ਦੀ ਕੋਸ਼ਿਸ਼ ਨਹੀਂ, ਸਗੋਂ ਉਸ ਸੋਚ ਪ੍ਰਕਿਰਿਆ ਦੇ ਗੁੰਝਲਦਾਰ ਤਾਣੇ-ਬਾਣੇ ਨੂੰ ਵੀ ਸਮਝਣ ਦੀ ਕੋਸ਼ਿਸ਼ ਹੈ ਜਿਸ ਨੇ ਸਦੀਆਂ ਤੋਂ ਮਿਲ-ਜੁਲ ਕੇ ਸ਼ਾਂਤੀ ਤੇ ਪਿਆਰ ਨਾਲ ਰਹਿਣ ਵਾਲੇ ਦੋਸਤਾਂ, ਵਾਕਫਾਂ ਤੇ ਗੁਆਂਢੀਆਂ ਨੂੰ ਲੁੱਟ-ਮਾਰ, ਬਲਾਤਕਾਰ ਤੇ ਕਤਲੇਆਮ ਲਈ ਨਿਕਲੀਆਂ ਜਨੂੰਨੀ ਭੀੜਾਂ ਦਾ ਹਿੱਸਾ ਬਣਾ ਦਿਤਾ ਸੀl ਅਜਿਹਾ ਕੀ ਸੀ ਜਿਸ ਨੇ ਇਨਸਾਨਾਂ ਨੂੰ ਖ਼ੂਨ ਦੇ ਪਿਆਸੇ ਜਾਨਵਰਾਂ ਵਿਚ ਬਦਲ ਦਿਤਾ ਸੀ?

ਵੰਡ ਦੀ ਲਕੀਰ ਦੇ ਦੋਵੇਂ ਪਾਸੀਂ, ਨਿਤਾਣਿਆਂ ਅਤੇ ਮਾਨਵ-ਹਿਤੈਸ਼ੀਆਂ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦੇਣ ਵਾਲੀ ਉਸ ਖ਼ੂਨੀ ਖੇਡ ਦੇ ਪਝੰਤਰ ਵਰ੍ਹਿਆਂ ਮਗਰੋਂ ਅੱਜ ਵੀ ਦਿਲਾਂ ਵਿਚ ਜ਼ਖ਼ਮ ਮੌਜੂਦ ਹਨ l ਉਦੋਂ ਚੁੱਪ ਹੀ ਬਚਾਅ ਦਾ ਜ਼ਰੀਆ ਬਣ ਗਈ ਅਤੇ ਜ਼ਖ਼ਮਾਂ ਨੂੰ ਸੰਭਾਲ ਕੇ ਰਖਿਆ ਗਿਆl ਆਉਣ ਵਾਲੀਆਂ ਪੀੜ੍ਹੀਆਂ ਵਿਚੋਂ ਕਈ ਇਸ ਗੱਲ ਤੋਂ ਨਾਵਾਕਫ਼ ਹੀ ਰਹੇ ਕਿ ਇਧਰ ਅਤੇ ਉੱਧਰ, ਆਜ਼ਾਦੀ ਦੀ ਕਿੰਨੀ ਵੱਡੀ ਕੀਮਤ ਤਾਰਨੀ ਪਈ ਕਿਉਂਕਿ ਰੈਡਕਲਿੱਫ਼ ਲਾਈਨ ਨੇ ਦੇਸ਼ ਨੂੰ ਧਰਮ ਦੇ ਆਧਾਰ ਉਤੇ ਬਹੁਤ ਹੀ ਬੇਰਹਿਮੀ ਨਾਲ ਦੋ ਟੁਕੜਿਆਂ ਵਿਚ ਵੰਡ ਦਿਤਾ ਸੀl ਭਾਵੇਂ ਅਸੀਂ ਕਹਿ ਸਕਦੇ ਹਾਂ ਕਿ ਅਤੀਤ ਦੇ ਪਰਛਾਵਿਆਂ ਨੂੰ ਭੁੱਲ ਜਾਣ ਵਿਚ ਹੀ ਬੇਹਤਰੀ ਹੈ ਫੇਰ ਵੀ ਇਹ ਸਮਝਣ ਲਈ ਕਿ ਇਹ ਸਭ ਕਿਓਂ ਤੇ ਕਿਵੇਂ ਵਾਪਰਿਆ ਇਕ ਸੋਚੀ ਸਮਝੀ ਸਮੀਖਿਆ ਕਰਨਾ ਲਾਜ਼ਮੀ ਹੋ ਜਾਂਦਾ ਹੈ ਜੋ ਗਾਹੇ-ਵਗਾਹੇ ਕਲਾ, ਕਵਿਤਾ, ਸੰਗੀਤ ਤੇ ਹੋਰ ਸਿਰਜਣਾਤਮਕ ਵਿਧਾਵਾਂ ਰਾਹੀਂ ਆਪਣਾ ਪ੍ਰਗਟਾਵਾ ਕਰਦੀ ਰਹਿੰਦੀ ਹੈl

ਮੋਹਿੰਦਰ ਠੁਕਰਾਲ, ਜਿਨ੍ਹਾਂ ਬਾਰੇ ਤੁਸੀਂ ਇਸ ਛੋਟੀ ਜਿਹੀ ਕਿਤਾਬ ਵਿਚ ਦੇਸ ਰਾਜ ਕਾਲੀ ਦਾ ਲੇਖ ਪੜ੍ਹ ਕੇ ਜਾਣੋਂਗੇ, ਵੰਡ ਵੇਲੇ ਸਿਰਫ਼ ਇਕ ਸਾਲ ਦਾ ਸੀ ਤੇ ਉਸ ਨੇ ਇਹ ਕਹਾਣੀਆਂ ਅਪਣੀ ਮਾਂ ਅਤੇ ਮਾਸੀ ਤੇ ਮਗਰੋਂ ਆਪਣੇ ਦਾਦੇ ਕੋਲੋਂ ਸੁਣੀਆਂ ਸਨl ਭਾਵੇਂ ਉਨ੍ਹਾਂ ਜਲੰਧਰ ਵਿਚ ਇਕ ਪਹਿਲਵਾਨ ਤੇ ਮੁੱਖਧਾਰਾ ਹਿੰਦੀ ਸਿਨੇਮਾ ਨਾਲ ਜੁੜੇ ਡਿਸਟ੍ਰਿਬਿਊਟਰ ਭਰਾ ਲਈ ਬਿੱਲਬੋਰਡ ਚਿਤਰਨ ਵਾਲੇ ਇਕ ਵਪਾਰਕ ਕਲਾਕਾਰ ਵਜੋਂ ਚੰਗੀ ਜ਼ਿੰਦਗੀ ਬਿਤਾਈ, ਫਿਰ ਵੀ ਵੰਡ ਦੀਆਂ ਧੜਕਦੀਆਂ ਯਾਦਾਂ ਤੇ ਪੀੜਾਂ ਨੇ ਉਸ ਨੂੰ ਕਦੇ ਵੀ ਚੈਨ ਨਾਲ ਬੈਠਣ ਨਹੀਂ ਦਿਤਾl ਉਸ ਦੀ ਅੰਦਰਲੀ ਆਵਾਜ਼ ਪ੍ਰਗਟਾਵੇ ਲਈ ਧੜਕ ਰਹੀ ਸੀ ਕਿਉਂਕਿ ਹਨੇਰੇ ਗਲਿਆਰਿਆਂ ਵਿਚ ਵੱਸਦਾ ਉਨ੍ਹਾਂ ਅੰਦਰਲਾ ਕਲਾਕਾਰ ਉਨ੍ਹਾਂ ਯਾਦਾਂ ਨੂੰ ਕੈਨਵਸ ‘ਤੇ ਵਾਹੁਣਾ ਚਾਹੁੰਦਾ ਸੀl

ਹੁਣ ਜਦੋਂ ਉਹ ਲਗਭਗ 76 ਵਰ੍ਹਿਆਂ ਦੇ ਹੋ ਗਏ ਹਨ ਤਾਂ ਉਨ੍ਹਾਂ ਉਸ ਅੰਦਰਲੀ ਆਵਾਜ਼ ਨੂੰ ਸੁਣਨ ਦਾ ਤਹੱਈਆ

ਕੀਤਾ ਹੈ ਅਤੇ ਅੱਜ ਜੋ ਅਸੀਂ ਵੇਖ ਰਹੇ ਹਾਂ, ਉਹ ਚਿੱਤਰਾਂ ਦਾ ਬਹੁਤ ਹੀ ਸ਼ਕਤੀਸ਼ਾਲੀ ਸਮੂਹ ਹੈ ਜਿਹੜਾ, ਮੇਰੇ ਵਿਚਾਰ ਮੁਤਾਬਕ, ਉਸ ਡਰਾਉਣੇ ਅਤੀਤ ਨੂੰ ਇਕ ਨਵੇਂ ਨਜ਼ਰੀਏ ਨਾਲ ਵੇਖਣ ‘ਚ ਸਾਡੀ ਮਦਦ ਕਰੇਗਾl

ਇਸ ਪ੍ਰਦਰਸ਼ਨੀ ਦੇ ਆਯੋਜਨ ਦੇ ਪਿੱਛੇ ਅਕਾਦਮੀ ਦਾ ਮੰਤਵ ਇਹ ਹੈ ਕਿ ਅਣਸੁਖਾਵੇਂ ਅਤੀਤ ਦੇ ਜ਼ਖਮਾਂ ‘ਤੇ ਮੁੜ ਝਾਤ ਮਾਰਦਿਆਂ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਣ ਵਿਚ ਯੋਗਦਾਨ ਪਾਇਆ ਜਾਵੇl ਇਸ ਉਪਰਾਲੇ ਦਾ ਮਕਸਦ ਉਨ੍ਹਾਂ ਜ਼ਖਮਾਂ ਨੂੰ ਕੁਰੇਦਣਾ ਨਹੀਂ, ਸਗੋਂ ਉਨ੍ਹਾਂ ਤੇ ਮੱਲ੍ਹਮ ਕਰਨਾ, ਉਨ੍ਹਾਂ ਨੂੰ ਭਰਨ ਕਰਨ ਦਾ ਜ਼ਰੀਆ ਲੱਭਣਾ ਤੇ ਇਕ ਸੋਹਣੇ-ਸੁਹਾਵੇਂ ਭਵਿੱਖ ਦਾ ਸੁਫ਼ਨਾ ਸਜਾਉਣਾ ਹੈl

ਦੀਵਾਨ ਮਾਨਾ

ਕਲਾਕਾਰ ਅਤੇ ਪ੍ਰਧਾਨ ਪੰਜਾਬ ਲਲਿਤ ਕਲਾ ਅਕਾਦਮੀ